ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ?

"ਕੁਝ ਸਾਹਿਤਕ ਰਸਾਲੇ ਮੈਂ ਨੇਮ ਨਾਲ ਪੜ੍ਹਦਾ ਹਾਂ, ਅੱਖਰ ਉਨ੍ਹਾਂ ਵਿਚੋਂ ਅਜਿਹਾ ਪੰਜਾਬੀ ਰਸਾਲਾ ਹੈ ਜੋ ਸ਼ਾਇਦ ਮੈਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਸੀ। ਇਸੇ ਵਿਚ ਪਹਿਲੀ ਵਾਰ ਮੇਰੀਆਂ ਕਵਿਤਾਵਾਂ ਛਪੀਆਂ ਸਨ ਅਤੇ ਇਸ ਦੇ ਕਈ ਪੱਕੇ ਕਾਲਮ ਮੈਂ ਪੂਰੀ ਰੀਝ ਨਾਲ ਪੜ੍ਹਦਾ ਹਾਂ। ਅਕਸਰ ਰਸਾਲੇ ਦਾ ਨਵਾਂ ਅੰਕ ਪੜ੍ਹ ਕੇ ਮੈਂ ਆਪਣੀ ਪ੍ਰਤਿਕਿਰਆ ਫੋਨ ਰਾਹੀਂ ਅੱਖਰ ਦੇ ਸੰਪਾਦਕ ਅਤੇ ਨਾਮਵਰ ਕਵੀ ਪਰਮਿੰਦਰਜੀਤ ਹੁਰਾਂ ਨੂੰ ਦਿੰਦਾ ਰਹਿੰਦਾ ਹੈ, ਉਹ ਹਮੇਸ਼ਾ ਹੀ ਲਿਖਣ ਲਈ ਉਤਸ਼ਾਹਤ ਕਰਦੇ ਹਨ। ਪਿਛਲੇ ਕੁਝ ਅੰਕਾਂ ਤੋਂ ਇਹੀ ਪ੍ਰਤਿਕਿਰਿਆ ਲਿਖਣ ਦੀ ਕੌਸ਼ਿਸ਼ ਕਰ ਰਿਹਾ ਹਾਂ। ਦਸੰਬਰ 2013 ਦੇ ਅੰਕ ਬਾਰੇ ਨਵੇਂ ਅੰਕ (ਜਨਵਰੀ-ਫਰਵਰੀ2014) ਵਿਚ ਛਪਿਆ ਮੇਰਾ ਖ਼ਤ ਮੈਂ ਉਚੇਚੇ ਤੌਰ ‘’ਤੇ ਸਾਂਝਾ ਕਰਨਾ ਚਾਹੁੰਦਾ ਹਾਂ, ਕਿਉਂ ਕਿ ਇਸ ਖ਼ਤ ਵਿਚ ਨਵੇਂ ਲੇਖਕਾਂ ਦੇ ਦਿਲਾਂ ਦੀਆਂ ਸੱਧਰਾਂ ਸ਼ਾਮਲ ਹਨ। ਉਨ੍ਹਾਂ ਸਭ ਵੱਲੋਂ ਆਪ ਸਭ ਲਈ ਇਸ ਖ਼ਤ ਦੀ ਇਬਾਰਤ ਹੂ-ਬ-ਹੂ ਇੱਥੇ ਛਾਪ ਰਿਹਾ ਹਾਂ।"

ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜਿਆਂ ਬਾਰੇ ਲੱਗਦਾ ਤਵਾ ਪੜ੍ਹ ਕੇ ਬਹੁਤ ਸਵਾਦ ਆਉਂਦਾ ਹੈ ਅਤੇ ਮੀਨਮੇਖ ਡਾਟ ਕਾਮ (ਸਾਹਿਤਕ ਰਸਾਲੇ ਅੱਖਰ ਵਿਚ ਛਪਦੇ ਇਕ ਕਾਲਮ ਦਾ ਸਿਰਲੇਖ) ਵਰਗੇ ਕਾਲਮ ਹਮੇਸ਼ਾਂ ਹੀ ਪਾਠਕਾਂ ਦੇ ਹਰਮਨ ਪਿਆਰੇ ਰਹੇ ਹਨ। ਪਿਛਲੇ ਮੀਨਮੇਖੀ ਵਿਵਾਦ ਤੋਂ ਬਾਅਦ ਬਹਿਸ ਨੂੰ ਵਿਰਾਮ ਤਾਂ ਦੇ ਦਿੱਤਾ ਗਿਆ (ਇਸ ਬਾਰੇ ਜਾਣਨ ਲਈ ਤੁਹਾਨੂੰ ਅੱਖਰ ਦੇ ਪਿਛਲੇ ਅੰਕ ਪੜ੍ਹਨੇ ਪੈਣਗੇ)। ਪਰ ਇਸ ਵਾਰ ਦਾ ਮੀਨਮੇਖ ਪੜ੍ਹ ਕੇ ਇੰਝ ਲੱਗਿਆ ਕਿ ਇਸ ਵਿਚ ਮੀਨਮੇਖ ਵਾਲੀ ਕੀ ਗੱਲ ਹੈ। ਇਹ ਲੇਖ ਸਾਧਾਰਨ ਤੌਰ ’ਤੇ ਇਕ ਬੌਧਿਕ ਸੰਵਾਦ ਮਾਤਰ ਹੀ ਲੱਗਿਆ। ਮੇਰੇ ਖ਼ਿਆਲ ਵਿਚ ਪਿਛਲੇ ਵਿਵਾਦ ਤੋਂ ਬਾਅਦ ਮੀਨਮੇਖ ਦੇ ਲੇਖਕ ਰਾਕੇਸ਼ ਰਮਨ ਦੇ ਨਾਲ ਹੀ ਅੱਖਰ ਦੇ ਸੰਪਾਦਕ ਪ੍ਰਮਿੰਦਰਜੀਤ ਵੀ ਰੱਖਿਆਤਮਕ ਪੈਂਤੜੇ ’ਤੇ ਹੋ ਗਏ ਹਨ। ਮੀਨਮੇਖ ਵਿਚ ਜਿਵੇਂ ਪਹਿਲਾਂ ਸਾਹਿਤਕ ਨਜ਼ਰੀਏ ਵਾਲਾ ਵਿਅੰਗ ਅਤੇ ਅਲੋਚਨਾ ਸੀ ਉਹ ਜਾਰੀ ਰਹਿਣੀ ਚਾਹੀਦੀ ਹੈ ਅਤੇ ਰਮਨ ਹੁਰਾਂ ਨੂੰ ਪਹਿਲਾਂ ਵਾਲੀ ਠੁੱਕ ਨਾਲ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ। ਨਿੱਜੀ ਇਲਜ਼ਾਮਤਰਾਸ਼ੀ ਤੋਂ ਬਚਦੇ ਹੋਏ ਸੁਹਿਰਦ ਅਤੇ ਸਿਹਤਮੰਦ ਅਲੋਚਨਾ ਦੀ ਇਸ ਵੇਲੇ ਬੇਹੱਦ ਲੋੜ ਹੈ। ਨਹੀਂ ਤਾਂ ਬੇੜੀਆਂ ਦੇ ਪੁਲ ਵਿਚ ਜਿਸ ਖੜੋੜ ਦੀ ਗੱਲ ਪ੍ਰਮਿੰਦਰਜੀਤ ਹੁਰਾਂ ਨੇ ਕੀਤੀ ਹੈ ਉਸ ਦੇ ਟੁੱਟਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਜਦੋਂ ਤੱਕ ਮੀਨਮੇਖ ਸਿਰਲੇਖ ਵਾਲੇ ਕਾਲਮ ਵਿਚ ਕਿਸੇ ਵਰਤਾਰੇ ਦੀ ਮੀਨਮੇਖ ਨਹੀਂ ਕੱਢੀ ਜਾਂਦੀ ਉਦੋਂ ਤੱਕ ਇਸ ਦਾ ਸਿਰਲੇਖ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਜੇ ਇਹ ਫੈਸਲਾ ਕਰ ਲਿਆ ਗਿਆ ਹੈ ਕਿ ਹੁਣ ਇਸ ਵਿਚੋਂ ਮੀਨਮੇਖ ਮਨਫੀ ਕਰ ਦਿੱਤੀ ਜਾਣੀ ਹੈ ਤਾਂ ਕਿਰਪਾ ਕਰਕੇ ਇਸ ਦਾ ਸਿਰਲੇਖ ਵੀ ਬਦਲ ਦੇਣਾ ਚਾਹੀਦਾ ਹੈ। ਮੈਨੂੰ ਨਿੱਜੀ ਤੋਰ ’ਤੇ ਇਸ ਬਾਰੀਕਬੀਨੀ ਵਾਲੇ ਕਾਲਮ ਦੀ ਮੌਤ ਦਾ ਦੁੱਖ ਜ਼ਰੂਰ ਹੋਵੇਗਾ। 

Copy of a Letter Published in Punjabi Literary Magazine Akhar
ਅੱਖਰ ਵਿਚ ਛਪੇ ਖ਼ਤ ਦੀ ਨਕਲ
ਬੇੜੀਆਂ ਦੇ ਪੁਲ (ਕਾਲਮ) ਵਿਚ ਪ੍ਰਮਿੰਦਰਜੀਤ ਹੁਰਾਂ ਵੱਲੋਂ ਅਦਬੀ, ਵਿਚਾਰਕ ਤੇ ਸਭਿਆਚਾਰਕ ਖੜੋਤ ਦੇ ਪ੍ਰਸੰਗ ਵਿਚ ਕੀਤੀਆਂ ਗਈਆਂ ਗੱਲਾਂ ਨਾਲ ਸੌ ਫ਼ੀਸਦੀ ਸਹਿਮਤ ਹਾਂ। ਸਵਾਲ ਤਾਂ ਇਹ ਹੈ ਕਿ ਇਸ ਖੜੋਤ ਨੂੰ ਤੋੜਨ ਲਈ ਕੀਤਾ ਕੀ ਜਾਵੇ। ਪੂਰੇ ਵਰਤਾਰੇ ਵਿਚ ਸੁਹਿਰਦ ਲੇਖਣੀ ਲਈ ਜਗ੍ਹਾ ਹੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ। ਹਰ ਜਗ੍ਹਾ ਸਿਰਫ਼ ਅਤੇ ਸਿਰਫ਼ ਧੜਿਆਂ ਅਤੇ ਸਾਂਝ ਭਿਆਲੀਆਂ ਦਾ ਬੋਲਬਾਲਾ ਹੈ। ਨਵੇਂ ਲੇਖਕਾਂ ਅਤੇ ਨਵੀਂ ਲੇਖਣੀ ਪੁੰਗਰਨ ਲਈ ਕੋਈ ਧਰਤੀ ਖ਼ਾਲੀ ਨਹੀਂ ਹੈ। ਮਜਬੂਰੀ ਵਿਚ ਨਵਾਂ ਲੇਖਕ ਅਤੇ ਲੇਖਣੀ ਇੰਟਰਨੈੱਟ ਮਾਧਿਅਮਾਂ ’ਤੇ ਸੀਮਤ ਹੋ ਕੇ ਰਹਿ ਗਈ ਹੈ। ਮੁੱਖ-ਧਾਰਾ ਵਿਚ ਪਰਵਾਨਗੀ ਤੋਂ ਵਿਰਵੇ ਇਹ ਨਵੇਂ ਉਭਰਦੇ ਸੰਭਾਵਨਾਸ਼ੀਲ ਰਚਨਾਕਾਰ ਨਿਰਾਸ਼ਾ ਵਿਚ ਬੁਰੀ ਤਰ੍ਹਾਂ ਧੱਸਦੇ ਜਾ ਰਹੇ ਹਨ। ਇਸੇ ਨਿਰਾਸ਼ਾ ਵਿਚੋਂ ਪੇਤਲੀਆਂ ਅਤੇ ਅਸੱਭਿਅਕ ਰਚਨਾਵਾਂ ਨਿਕਲ ਰਹੀਆਂ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਇੰਟਰਨੈੱਟ ‘’ਤੇ ਛਪ ਰਹੀ ਹਰ ਪੇਤਲੀ ਰਚਨਾ ਹੀ ਇਸੇ ਨਿਰਾਸ਼ਾ ਦਾ ਨਤੀਜਾ ਹੈ। ਸੱਚ ਹੈ ਕਿ ਨਵੇਂ ਖੁੱਲ੍ਹੇ, ਮੁਫ਼ਤ ਅਤੇ ਸੰਪਾਦਕੀ ਸੁਹਿਰਦਾ ਤੋਂ ਹੀਣ ਸਾਧਨਾਂ ਨੇ ਹਰ ਇਕ ਲਈ ਟੋਟਕੇਬਾਜ਼ ਲੇਖਕ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਇਸ ਹਨੇਰੀ ਵਿਚ ਸੁਹਿਰਦ ਰਚਨਾਕਾਰ ਨਵੇਂ ਮਾਧਿਅਮ ਵਿਚ ਵੀ ਨਪੀੜਿਆ ਗਿਆ ਹੈ। ਮੁੱਖ-ਧਾਰਾ ਵਿਚ ਉਹ ਪਹਿਲਾਂ ਹੀ ਪ੍ਰਬੰਧਕਾਰੀਆਂ, ਕੁਰਸੀਧਾਰੀਆਂ, ਐਵਾਰਡੀਆਂ, ਪ੍ਰਧਾਨਾਂ, ਅਹੁਦੇਦਾਰਾਂ, ਡੀਨਾਂ, ਗਾਇਡਾਂ, ਸਾਹਿਤ ਸਭਾਵਾਂ ਦੇ ਕਬਜ਼ਾਧਾਰੀਆਂ ਦੀ ਧੌਂਸ ਅੱਗੇ ਨਪੀੜਿਆ ਪਿਆ ਹੈ। ਇਸ ਨਵੀਂ ਪਨੀਰੀ ਨੂੰ ਨਾ ਅੱਗੇ ਕੋਈ ਰਾਹ ਲੱਭ ਰਿਹਾ ਹੈ ਅਤੇ ਨਾ ਹੀ ਪਿੱਛੇ। ਉਹ ਨਜ਼ਰਾਂ ਭਰ ਕੇ ਚੌਕੜੀ ਮਾਰ ਕੇ ਬੈਠੇ ਕਥਿਤ ਵਿਦਵਤਾ ਦਾ ਚੂਰਨ ਖਾ-ਖਾ ਕੇ ਮਾਹੌਲ ਨੂੰ ਘੁੱਟਣ ਭਰਿਆ ਬਣਾ ਰਹੇ ਕਬਜ਼ਾਧਾਰੀਆਂ ਵੱਲ ਦੇਖ ਰਹੇ ਹਨ ਕਿ ਕਦੋਂ ਉਹ ਜਗ੍ਹਾ ਖ਼ਾਲੀ ਕਰਨ ਅਤੇ ਉਨ੍ਹਾਂ ਨੂੰ ਸਾਹ ਲੈਣ ਦਾ ਮੌਕਾ ਮਿਲ ਸਕੇ। ਉਨ੍ਹਾਂ ਦੇ ਦਿਲ ਦੀ ਆਵਾਜ਼ ਹੈ ਕਿ ਜੇ ਪੰਜਾਬੀ ਵਿਦਵਾਨ ਸੱਚਮੁਚ ਚਾਹੁੰਦੇ ਹਨ ਕਿ ਪੰਜਾਬੀ ਦਾ ਭਲਾ ਹੋਵੇ ਤਾਂ 50 ਸਾਲ ਉਮਰ ਤੋਂ ਉੱਪਰ ਵਾਲਿਆਂ ਨੂੰ ਅੱਜ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ ਅਤੇ ਘਰ ਬੈਠ ਕੇ ਚਿੰਤਨ ਕਰਨਾ ਚਾਹੀਦਾ ਹੈ ਕਿ ਆਪਣੇ ਕਾਲ ਵਿਚ ਉਨ੍ਹਾਂ ਨੇ ਪੰਜਾਬੀ ਦੇ ਭਲੇ ਲਈ ਸੱਚਮੁਚ ਕੀ ਕੀਤਾ? ਨੌਜਵਾਨਾਂ ਨੂੰ ਪੰਜਾਬੀ ਨਾਲ ਜੋੜਨ ਲਈ ਕੀ ਕੀਤਾ? ਉਨ੍ਹਾਂ ਨੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਵਿਚ ਪੰਜਾਬੀ ਨੂੰ ਜਿਊਂਦੇ ਰੱਖਣ ਲਈ ਕੀ ਕੀਤਾ? ਚੰਗਾ ਹੋਵੇ ਜੇ ਉਹ ਆਪਣੇ ਕੀਤੇ ਸ਼ਲਾਘਾਯੋਗ ਕਾਰਜਾਂ ਅਤੇ ਉਨ੍ਹਾਂ ਵੱਲੋਂ ਹੋਈਆਂ ਕੁਤਾਹੀਆਂ ਦਾ ਇਕ ਦਸਤਾਵੇਜ਼ ਬਣਾਉਣ, ਪੰਜਾਬੀ ਅਕਾਡਮੀ ਵਰਗੀ ਇਕ ਸੰਸਥਾ ਹੋਵੇ, ਜਿਸ ਦੀ ਬਾਗਡੋਰ 50 ਸਾਲ ਤੋਂ ਘੱਟ ਉਮਰ ਵਾਲੇ ਲਿਖਣ-ਪੜ੍ਹਨ ਵਾਲਿਆਂ ਨੂੰ ਸੌਂਪ ਦਿੱਤੀ ਜਾਵੇ। ਉਹ ਉੱਪਰ ਦੱਸੇ ਅਨੁਸਾਰ ਸੇਵਾ-ਮੁਕਤ ਹੋਣ ਵਾਲੇ ਵਿਦਵਾਨਾਂ ਤੋਂ ਉਨ੍ਹਾਂ ਵੱਲੋਂ ਬਣਾਏ ਕਾਰਜਾਂ ਦੇ ਚਿੱਠੇ ਇਕੱਤਰ ਕਰਨ ਅਤੇ ਉਸ ਉੱਪਰ ਇਕ ਵਿਸ਼ਲੇਸ਼ਣ ਤਿਆਰ ਕਰਨ। ਇਸ ਵਿਸ਼ਲੇਸ਼ਣ ਦੇ ਆਧਾਰ ‘’ਤੇ ਅਗਲੇ ਪੰਜਾਹ ਸਾਲਾਂ ਦਾ ਖਾਕਾ ਤਿਆਰ ਕਰਨ। ਉਸ ਨੂੰ ਲਾਗੂ ਕਰਨ ਲਈ ਸਿਰ ਜੋੜ ਕੇ ਕੰਮ ਕਰਨ ਅਤੇ ਲੋੜ ਪੈਣ ‘’ਤੇ ਸੇਵਾ ਮੁਕਤ ਹੋਣ ਵਾਲੇ ਲੇਖਕਾਂ ਦੀ ਸਲਾਹ ਅਤੇ ਮਾਰਗ-ਦਰਸ਼ਨ ਲੈਣ। 

ਬਜ਼ੁਰਗ ਵਿਦਵਾਨੋ ਸੱਤਾ, ਪ੍ਰਧਾਨਗੀ ਅਤੇ ਸਨਮਾਨਾਂ ਦੀ ਲਾਸਲਾ ਛੱਡ ਕੇ ਜ਼ਰਾ ਰਾਹ ਪੱਧਰਾ ਕਰੋ। ਇਸ ਤੋਂ ਵੱਡਾ ਸਨਮਾਨ ਕੋਈ ਨਹੀਂ ਹੋਣਾ ਕਿ ਤੁਹਾਡੇ ਜਿਉਂਦੇ ਜੀ ਤੁਹਾਡੀ ਅਗਲੀ ਪੀੜ੍ਹੀ ਤੁਹਾਨੂੰ ਮਾਣ-ਸਤਿਕਾਰ ਦੇਵੇ ਅਤੇ ਤੁਹਾਡੇ ਬਾਅਦ ਵੀ ਤੁਹਾਨੂੰ ਯਾਦ ਰੱਖੇ। ਘਰ ਬੈਠੋ, ਆਰਾਮ ਕਰੋ, ਕੁਝ ਸੋਚੋ, ਕੁਝ ਲਿਖੋ। ਕੀ ਤੁਹਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ‘’ਤੇ ਵਿਸ਼ਵਾਸ ਨਹੀਂ ਜੇ ਤੁਸੀਂ ਸੱਚਮੁਚ ਸਨਮਾਨ ਦੇ ਹੱਕਦਾਰ ਹੋਵਗੇ ਤਾਂ ਉਹ ਆਪ ਤੁਹਾਨੂੰ ਸੱਦ ਕੇ ਸਨਮਾਨ ਦੇਣਗੇ। ਆਪੋ ਵਿਚ ਪ੍ਰਧਾਨਗੀਆਂ ਅਤੇ ਸਨਮਾਨਾਂ ਦੀਆਂ ਰੇਵੜੀਆਂ ਵੰਡ ਕੇ ਤੁਸੀਂ ਕੱਦੂ ਵਿਚ ਕਿਹੜਾ ਤੀਰ ਮਾਰ ਰਹੇ ਹੋ। ਜੇ ਖਿਡਾਰੀ ਇਕ ਵਕਤ ਤੋਂ ਬਾਅਦ ਰਿਟਾਇਰ ਹੋ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ? ਰਿਟਾਇਰਮੈਂਟ ਓਸ ਚੌਧਰ ਤੋਂ ਲੈਣੀ ਹੈ, ਪ੍ਰਧਾਨਗੀਆਂ ਅਤੇ ਤਿਕੜਮਾ ਤੋਂ ਲੈਣੀ ਹੈ, ਜਿਹੜੀ ਨਾ ਤੁਹਾਨੂੰ ਟਿਕ ਕੇ ਬਹਿਣ ਦੇ ਰਹੀ ਹੈ ਅਤੇ ਇਨ੍ਹਾਂ ਦੇ ਚੱਕਰ ਵਿਚ ਨਾ ਤੁਸੀਂ ਆਪਣੇ ਵਰਗੇ ਹੋਰਾਂ ਨੂੰ ਟਿਕ ਬਹਿਣ ਦੇ ਰਹੇ ਹੋ ਨਾ ਨਵਿਆਂ ਨੂੰ। ਰਿਟਾਇਰਮੈਂਟ ਲਿਖਣ ਤੋਂ ਥੋੜ੍ਹੀ ਲੈਣੀ ਹੈ। ਪੜ੍ਹੋ, ਲਿਖੋ, ਰਸਾਲੇ ਚਲਾਓ, ਸੁੱਖ ਦਾ ਸਾਹ ਲਵੋ। ਬਾਕੀ ਸਭ ਕੁਝ ਅਗਲੀ ਪੀੜ੍ਹੀ ‘’ਤੇ ਛੱਡ ਦਿਓ। ਪੰਜਾਬੀ ਲਈ ਕੀਤਾ ਤੁਹਾਡਾ ਇਹ ਪੁੰਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
-ਦੀਪ ਜਗਦੀਪ ਸਿੰਘ, ਨਵੀਂ ਦਿੱਲੀ

ਹੰਝੂਆ ਦਾ ਭਾੜਾ

ਸ਼ਿਵ ਪ੍ਰਤੀ ਦੀਵਾਨਗੀ ਦਾ ਸਿਲਸਿਲਾ ਮੇਰੀ ਜਵਾਨੀ ਦੇ ਨਾਲ ਹੀ ਸ਼ੁਰੂ ਹੋਇਆ ਅਤੇ ਕਦੋਂ ਇਹ ਇਸ਼ਕ ਪਾਗਲਪਣ ਤੱਕ ਪਹੁੰਚ ਗਿਆ, ਮੈਨੂੰ ਆਪ ਨੂੰ ਵੀ ਪਤਾ ਨਹੀਂ ਲੱਗਿਆ। ਸ਼ਾਇਦ ਸੰਨ 2005 ਦੀ ਗੱਲ ਹੈ, ਪਤਾ ਲੱਗਿਆ ਕਿ ਕੁਝ ਸਾਹਿਤਕਾਰ ਦੋਸਤ ਬਟਾਲੇ ਜਾ ਰਹੇ ਹਨ। ਮੈਂ ਵੀ ਇਕ ਦਮ ਕਹਿ ਦਿੱਤਾ ਕਿ ਮੈਂ ਵੀ ਚੱਲੂੰਗਾ। ਉੱਥੇ ਕੋਈ ਸਾਹਿਤਕ ਸਮਾਗਮ ਸੀ, ਸਾਰੇ ਉਸ ਵਿਚ ਸ਼ਿਰਕਤ ਕਰਨ ਜਾ ਰਹੇ ਸਨ। ਮੈਨੂੰ ਕਵੀ ਗੁਰਭਜਨ ਗਿਲ ਨੇ ਕਿਹਾ ਸਵੇਰੇ 6 ਵਜੇ ਜਾਣਾ ਪਵੇਗਾ, ਤੂੰ ਪੰਜਾਬੀ ਭਵਨ ਪਹੁੰਚ ਜਾਈਂ। ਅਗਲੀ ਸਵੇਰ ਮੈਂ ਛੇ ਵਜੇ ਤੋਂ ਵੀ ਪਹਿਲਾਂ ਪਹੁੰਚ ਗਿਆ। ਇਸ ਨੂੰ ਮੇਰੀ ਖ਼ੁਸ਼ਨਸੀਬੀ ਸਮਝੋ ਕਿ ਜਿਸ ਹੋਟਲ ਵਿਚ ਸਮਾਗਮ ਸੀ, ਉਸ ਦੇ ਠੀਕ ਸਾਹਮਣੇ ਸ਼ਿਵ ਦੀ ਯਾਦ ਵਿਚ ਆਡਿਟੋਰਿਅਮ ਬਣ ਰਿਹਾ ਸੀ। ਦੋ ਵਾਰ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਉਸ ਦੀ ਹਾਲਤ ਪਖਾਨੇ ਤੋਂ ਵੀ ਮਾੜੀ ਸੀ। ਜੰਗਾਲ ਲੱਗੇ ਹੋਏ ਵੱਡੇ ਸਾਰੇ ਗੇਟ ’ਤੇ ਤਾਲਾ ਲਟਕ ਰਿਹਾ ਸੀ। ਡਾਕਟਰ ਜਗਤਾਰ ਧੀਮਾਨ ਨੇ ਮੈਨੂੰ ਦੀਵਾਰ ਟੱਪ ਕੇ ਅੰਦਰ ਜਾਣ ਦੀ ਸਲਾਹ ਦਿੱਤੀ, ਉਹ ਵੀ ਮੇਰੇ ਨਾਲ ਕੰਧ ’ਤੇ ਚੜ ਗਏ। ਵੀਹ-ਪੱਚੀ ਕਦਮ ਕੰਧ ’ਤੇ ਤੁਰਨ ਤੋਂ ਬਾਅਦ ਅਸੀਂ ਅੰਦਰ ਵਾਲੇ ਦਰਵਾਜ਼ੇ ਦੇ ਸਾਹਮਣੇ ਪਹੁੰਚ ਕੇ ਹੇਠਾਂ ਛਾਲ ਮਾਰ ਦਿੱਤੀ। ਆਡਿਟੋਰੀਅਮ ਵਿਚ ਹਨੇਰਾ ਪਸਰਿਆ ਹੋਇਆ ਸੀ ਅਤੇ ਬੈਠਣ ਵਾਲੀਆਂ ਪੌੜੀਆਂ ਦਾ ਢਾਂਚਾ ਖਿੱਚ ਕੇ ਵਿਚਾਲੇ ਰੇਤਾ-ਇੱਟਾਂ ਦਾ ਢੇਰ ਲਾਇਆ ਹੋਇਆ ਸੀ। ਵਿਚ ਵਿਚਾਲੇ ਦੋ ਢੇਰ ਬਿਲਕੁਲ ਗੋਲ ਪਹਾੜੀ ਵਰਗੇ ਪੰਜ ਕੁ ਫੁੱਟ ਉੱਚੇ ਖੜੇ ਸਨ, ਮੈਂ ਵੀ ਮਸਤੀ ਜਿਹੀ ਵਿਚ ਉਨ੍ਹਾਂ ਉੱਤੇ ਕੂਹਣੀ ਰੱਖ ਕੇ ਖੜਾ ਹੋ ਗਿਆ। ਧੀਮਾਨ ਸਾਹਬ ਤਸਵੀਰਾਂ ਖਿੱਚਣ ਵਿਚ ਰੁੱਝੇ ਹੋਏ ਸਨ, ਚਾਣਚੱਕ ਉਨ੍ਹਾਂ ਦੀ ਨਜ਼ਰ ਮੇਰੇ ’ਤੇ ਪਈ। ਉਨ੍ਹਾਂ ਨੇ ਖ਼ਬਰਦਾਰ ਕਰਨ ਵਾਲੇ ਲਹਿਜੇ ਵਿਚ ਮੈਨੂੰ ਕਿਹਾ ਕਿ ਮੈਂ ਉੱਥੋਂ ਪਰਾਂ ਹੋ ਜਾਂਵਾਂ, ਕਿਉਂਕਿ ਉਨ੍ਹਾਂ ਢੇਰੀਆਂ ਵਿਚ ਸੱਪ ਹੋ ਸਕਦੇ ਹਨ। ਮੈਂ ਹੈਰਾਨ ਸੀ, ਉਦੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਇਹ ਸੱਪਾਂ ਦੀਆਂ ਵਰਮੀਆਂ ਹਨ। ਉਨ੍ਹਾਂ ਤੋਂ ਕੂਹਣੀਆਂ ਚੱਕਦੇ-ਚੱਕਦੇ ਮੇਰੇ ਜ਼ਹਿਨ ਵਿਚ ਇਹ ਖ਼ਿਆਲ ਗੂੰਜ ਗਿਆ ਕਿ ਸ਼ਿਵ ਜ਼ਿੰਦਗੀ ਭਰ ਆਪਣੇ ਗੀਤਾਂ ਵਿਚ ਸੱਪਾਂ ਅਤੇ ਉਨ੍ਹਾਂ ਦੀਆਂ ਵਰਮੀਆਂ ਦੀਆਂ ਗੱਲਾਂ ਕਰਦਾ ਰਿਹਾ ਅਤੇ ਅੱਜ ਸੱਪ ਉਸ ਦੀ ਅਧੂਰੀ ਪਈ ਖੰਡਰਨੁਮਾ ਯਾਦਗਾਰ ’ਤੇ ਕੁੰਡਲੀ ਮਾਰੀ ਬੈਠੇ ਹਨ, ਮੈਂ ਉਨ੍ਹਾਂ ਵਰਮੀਆਂ ਕੋਲ ਖੜ੍ਹ ਕੇ ਤਸਵੀਰ ਖਿੱਚਵਾ ਲਈ। ਅਫ਼ਸੋਸ ਉਹ ਤਸਵੀਰਾਂ ਕਦੇ ਮਿਲੀਆਂ ਹੀ ਨਹੀਂ।

ਉਸੇ ਦੁਪਹਿਰ ਨੂੰ ਬਟਾਲੇ ਵਾਲੇ ਸ਼ੁਭਾਸ ਕਲਾਕਾਰ ਅਤੇ ਉਸ ਦੇ ਦੋਸਤ ਰੰਧਾਵੇ ਨਾਲ ਅਸੀਂ ਸ਼ਿਵ ਦਾ ਘਰ ਦੇਖਣ ਗਏ। ਘਰ ਬੰਦ ਪਿਆ ਸੀ, ਜਿਹੜੇ ਉੱਥੇ ਰਹਿੰਦੇ ਸਨ, ਘਰ ਨਹੀਂ ਸਨ। ਉਨ੍ਹਾਂ ਦੇ ਗਵਾਂਢੀਆਂ ਨੇ ਮੇਰੀਆਂ ਅੱਖਾਂ ਵਿਚੋਂ ਮੇਰੀ ਤਾਂਘ ਪੜ੍ਹ ਲਈ ਹੋਣੀ ਐ ਸ਼ਾਇਦ। ਅਸੀਂ ਗੁਆਂਢੀਆਂ ਦੇ ਘਰ ਦੀਆਂ ਪੌੜੀਆਂ ਚੜ ਕੇ ਕੰਧ ਟੱਪ ਕੇ ਸ਼ਿਵ ਦੇ ਨਿੱਕੇ ਜਿਹੇ ਚੁਬਾਰੇ ਵਿਚ ਪਹੁੰਚ ਗਏ। ਦੱਸਦੇ ਨੇ ਇਸ ਚੁਬਾਰੇ ਵਿਚ ਸ਼ਿਵ ਨੇ ਕਈ ਰੰਗੀਨ ਸ਼ਾਮਾ ਗੁਜ਼ਾਰੀਆਂ ਸਨ। ਕਮਰਾ ਬਿਲਕੁਲ ਖ਼ਾਲੀ ਪਿਆ ਸੀ, ਗਲੀ ਵੱਲ ਖੁੱਲਦੀ ਲੋਹੇ ਦੇ ਸਰੀਆਂ ਵਾਲੀ ਬਾਰੀ ਅਤੇ ਠੰਢਾ ਸੀਮੰਟ ਦਾ ਫਰਸ਼। ਕੁਝ ਪਲ ਬਾਰੀ ਦੇ ਪਾਰ ਝਾਕਦੇ ਹੋਏ ਮੈਂ ਸੋਚਿਆ ਸ਼ਿਵ ਵੀ ਇੰਝ ਹੀ ਬਾਰੀ ਵਿਚੋਂ ਆਪਣਾ ਸ਼ਹਿਰ ਦੇਖਦਾ ਹੋਵੇਗਾ। ਫਿਰ ਪਤਾ ਨਹੀਂ ਕੀ ਸੁਝਿਆ ਮੈਂ ਠੰਢੇ ਫਰਸ਼ ’ਤੇ ਭੁੰਝੇ ਹੀ ਲੰਮਾ ਪੈ ਗਿਆ। ਇਕ ਪਲ ਇੰਝ ਮਹਿਸੂਸ ਹੋਇਆ ਕਿ ਜਿਵੇਂ ਮੈਂ ਹਲਕਾ ਖੰਭ ਹੋ ਗਿਆ ਹੋਵਾਂ। ਫਰਸ਼ ਦੀ ਗੋਦੀ ਵਿਚ ਲੰਮਾ ਪਿਆ ਇੰਝ ਲੱਗਿਆ ਸ਼ਿਵ ਦੀ ਗੋਦੀ ਵਿਚ ਸੌਂ ਰਿਹਾ ਹਾਂ। ਇਕ ਆਵਾਜ਼ ਗੂੰਜੀ, 'ਚੱਲੋ ਚੱਲੀਏ'। 

ਮੇਰਾ ਸੁਪਨਾ ਟੁੱਟ ਗਿਆ। ਭਿੱਜੀਆਂ ਹੋਈਆ ਪਲਕਾਂ ਨਾਲ ਮੈਂ ਹੌਲੀ-ਹੌਲੀ ਖੜਾ ਹੋਇਆ, ਤਾਂ ਦੋ ਬੂੰਦਾ ਫਰਸ਼ ’ਤੇ ਡਿੱਗ ਪਈਆਂ, ਮੈਨੂੰ ਯਾਦ ਆ ਗਿਆ ਸ਼ਿਵ ਨੇ ਕਿਹਾ ਸੀ, ‘ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਪੀੜਾਂ ਦਾ ਪਰਾਗਾ ਭੁੰਨ ਦੇ, ਤੈਨੂੰ ਦੇਆਂ ਹੰਝੂਆਂ ਦਾ ਭਾੜਾ'। 

ਮਨ ਦੇ ਅੰਦਰੋਂ ਆਵਾਜ਼ ਗੂੰਜ ਉੱਠੀ, ‘ਸ਼ਿਵ ਤੇਰੇ ਫਰਸ਼ ’ਤੇ ਦੋ ਪਲ ਸਕੂਨ ਦੇ ਗੁਜ਼ਾਰਨ ਦਾ ਭਾੜਾ ਮੇਰੇ ਦੋ ਹੰਝੂ ਰੱਖ ਲਵੀਂ’। ਸ਼ਾਇਦ ਮੇਰੇ ਲਈ ਇਹੀ ਤਸੱਲੀ ਵਾਲੀ ਗੱਲ ਸੀ ਕਿ ਪੀੜਾਂ ਦਾ ਪਰਾਗਾ ਭੁੰਨਾਉਣ ਬਦਲੇ ਹੰਝੂਆਂ ਦਾ ਭਾੜਾ ਦੇਣ ਵਾਲੇ ਸ਼ਿਵ ਨੂੰ ਮੈਂ ਉਸੇ ਦਾ ਸਰਮਾਇਆ ਮੋੜਿਆ ਹੈ।
-ਦੀਪ ਜਗਦੀਪ ਸਿੰਘ