Showing posts with label script writing. Show all posts

ਸਫ਼ਲ ਫ਼ਿਲਮ ਲੇਖਕ ਬਣਨ ਦਾ ਸ਼ੌਰਟ-ਕੱਟ

--ਦੀਪ ਜਗਦੀਪ ਸਿੰਘ--

ਛੋਟੇ ਪਰਦੇ ਵਾਲੇ ਬੁੱਧੂ ਬਕਸੇ ਭਾਵ ਟੈਲੀਵਿਜ਼ਨ ਜਿਸ ਨੂੰ ਅਸੀਂ ਟੀ. ਵੀ ਕਹਿ ਲੈਂਦੇ ਹਾਂ ਲਈ ਲਿਖਦਿਆਂ ਮੈਨੂੰ ਚਾਰ ਕੁ ਸਾਲ ਹੋ ਗਏ ਨੇ। ਉਂਜ ਜਦੋਂ ਸੰਨ 2000 ਦੇ ਨੇੜੇ-ਤੇੜੇ ਮੈਂ ਪੱਤਰਕਾਰੀ ਦੇ ਖੇਤਰ ਵਿਚ ਨਿੱਤਰਿਆ ਸੀ ਤਾਂ ਸਫ਼ਲ ਹੋਣ ਦਾ ਰਾਹ ਲੱਭਣ ਲਈ ਮੈਂ ਅਕਸਰ ਸਿਆਣਿਆਂ ਦੀ ਸਲਾਹ ਵੀ ਲੈਂਦਾ ਰਹਿੰਦਾ ਸਾਂ ਅਤੇ ਆਤਮ-ਚਿੰਤਨ ਵੀ ਕਰਦਾ ਰਹਿੰਦਾ ਸਾਂ। ਇਹ ਸਿਲਸਿਲਾ ਅੱਜ ਕਰੀਬ ਇਕ ਦਹਾਕੇ ਦੇ ਕਸਬੀ ਸਫ਼ਰ ਤੋਂ ਬਾਅਦ ਵੀ ਜਾਰੀ ਹੈ। ਕਿਸੇ ਵੀ ਲੇਖਕ ਨੂੰ ਸ਼ੁਰੂਆਤੀ ਦੌਰ ਵਿਚ ਇਸ ਗੱਲ ਦੀ ਚਿੰਤਾ ਲਾਜ਼ਮੀ ਹੁੰਦੀ ਹੈ ਕਿ ਕੀ ਉਸ ਦੀ ਸਿਰਜਣਾਤਮਕ ਕਿਰਤ ਸਹੀ ਮਾਧਿਅਮ ਤੱਕ ਪਹੁੰਚ ਸਕੇਗੀ? ਕੀ ਉਸ ਨੂੰ ਉਚਿਤ ਮੁਆਵਜ਼ਾ ਅਤੇ ਨਾਮਣਾ ਮਿਲੇਗਾ? ਕਿਤੇ ਉਸ ਦੀ ਮਿਹਨਤ ਨਾਲ ਸਿਰਜੀ ਕਿਰਤ ਚੋਰੀ ਤਾਂ ਨਹੀਂ ਹੋ ਜਾਵੇਗੀ? ਕੀ ਇਨ੍ਹਾਂ ਸਭ ਸੁਆਲਾਂ ਅਤੇ ਰੁਕਾਵਟਾਂ ਨਾਲ ਜੂਝਦਿਆਂ ਉਹ ਇਸ ਖੇਤਰ ਵਿਚ ਸਫ਼ਲ ਹੋ ਸਕੇਗਾ ਕਿ ਨਹੀਂ? ਆਪਣੇ ਬਾਰੇ ਮੈਨੂੰ ਨਹੀਂ ਪਤਾ ਕਿ ਮੈਂ ਸਫ਼ਲ ਹਾਂ ਜਾਂ ਅਸਫ਼ਲ ਪਰ ਇੰਨਾਂ ਜ਼ਰੂਰ ਹੈ ਕਿ ਇਸ ਪੂਰੇ ਦਹਾਕੇ ਵਿਚ ਮੈਂ ਲਗਾਤਾਰ ਕੰਮ ਕਰਦਾ ਰਿਹਾ ਹਾਂ ਅਤੇ ਮੈਨੂੰ ਲਗਾਤਾਰ ਕੰਮ ਵੀ ਮਿਲਦਾ ਰਿਹਾ ਹੈ ਅਤੇ ਲੋੜਾਂ ਪੂਰੀਆਂ ਕਰਨ ਜੋਗਾ ਮਿਹਨਤਾਨਾ ਵੀ। ਮੇਰੀਆਂ ਸਿਰਜਣਾਤਮਕ ਕਿਰਤਾਂ ਨੂੰ ਚੰਗੇ ਮਾਧਿਅਮਾਂ ਵਿਚ ਛਪਣ ਅਤੇ ਦਿਸਣ ਦਾ ਮੌਕਾ ਵੀ ਮਿਲਦਾ ਰਿਹਾ ਅਤੇ ਖੁਸ਼ਕਿਸਮਤੀ ਨਾਲ ਹਾਲੇ ਤੱਕ ਮੇਰੀ ਕੋਈ ਸਿਜਰਣਾਤਮਕ ਕਿਰਤ ਨਾ ਚੋਰੀ ਹੋਈ ਹੈ ਅਤੇ ਨਾ ਹੀ ਕਿਸੇ ਨੇ ਮੇਰੀ ਕਿਰਤ ਵਿਚ ਆਪਣਾ ਨਾਮ ਪਾ ਕੇ ਮੇਰੇ ਨਾਲ ਧੋਖਾਧੜੀ ਵਰਗਾ ਘਿਨੌਣਾ ਕੁਕਰਮ ਕੀਤਾ ਹੈ। ਆਪਣੇ ਖੇਤਰ ਵਿਚ ਵਿਚਰਦਿਆਂ ਅਕਸਰ ਵਿਦਿਆਰਥੀ ਅਤੇ ਇਸ ਖੇਤਰ ਵੱਲ ਕਦਮ ਵਧਾਉਣ ਦੇ ਚਾਹਵਾਨ ਉਪਰੋਕਤ ਸਵਾਲਾਂ ਨਾਲ ਜੁੜੀਆਂ ਆਪਣੀਆਂ ਚਿੰਤਾਵਾਂ ਬਾਰੇ ਮੇਰੀ ਰਾਇ ਪੁੱਛ ਲੈਂਦੇ ਹਨ। ਅੱਜ ਕੱਲ੍ਹ ਤਾਂ ਫੇਸਬੁੱਕ, ਟਵਿੱਟਰ ਅਤੇ ਈ-ਮੇਲ ਰਾਹੀਂ ਵੀ ਕਈ ਸਾਥੀਆਂ ਦੇ ਇਸ ਸੰਬੰਧੀ ਸੁਨੇਹੇ ਆ ਜਾਂਦੇ ਹਨ।