ਅੰਮ੍ਰਿਤਾ-ਇਮਰੋਜ਼ ਦਾ ਘਰ

ਅੰਮ੍ਰਿਤਾ ਪ੍ਰੀਤਮ
ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ... ਪਰ ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਹਨ... ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ... ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ... ਕਿਉਂ ਕਿ ਅੰਮ੍ਰਿਤਾ ਦਾ ਘਰ ਹੁਣ ਢਹਿ ਗਿਐ... ਉਸ ਵਿਚ ਸੰਜੋਈਆਂ ਯਾਦਾਂ ਦੇ ਨਕਸ਼ ਮਲਬੇ ਦੀ ਕਬਰ ਹੇਠ ਦਫਨ ਹੋ ਗਏ ਨੇ... ਇਮਰੋਜ਼ ਨਵੇਂ ਘਰ ਆ ਗਿਐ... ਪਰ ਨਵੇਂ ਘਰ ਦਾ ਚਾਅ ਬਿਲਕੁਲ ਨਹੀਂ ਐ...ਇਹੋ ਜਿਹੇ ਨਵੇਂ ਘਰ ਦਾ ਚਾਅ ਹੋ ਵੀ ਕਿਵੇਂ ਸਕਦੈ... ਉਹ ਘਰ ਜੋ ਪੁਰਾਣੇ ਰਿਸ਼ਤਿਆਂ ਅਤੇ ਘਰ ਵਿਚ ਪੁੰਗਰੀਆਂ ਸੱਧਰਾਂ ਦੇ ਸ਼ਮਸ਼ਾਨ ਘਾਟ ਦੇ ਉੱਪਰ ਉੱਸਰਿਆ ਹੋਵੇ... ਉਸ ਨਵੇਂ ਘਰ ਦਾ ਚਾਅ ਨਾ ਉੱਥੇ ਰਹਿਣ ਵਾਲਿਆਂ ਨੂੰ ਹੋ ਸਕਦਾ ਹੈ ਅਤੇ ਨਾ ਜਾਣ ਵਾਲਿਆਂ ਨੂੰ... 


ਅੰਮ੍ਰਿਤਾ ਪ੍ਰੀਤਮ ਦੇ ਹੌਜ਼ ਖ਼ਾਸ ਵਾਲੇ ਘਰ ਦਾ ਦ੍ਰਿਸ਼
ਫੋਟੋ-ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ
ਮਲਬੇ ਦੇ ਢੇਰ ਵਿਚ ਤਬਦੀਲ ਹੋ ਗਿਆ ਅੰਮ੍ਰਿਤਾ ਦਾ ਇਹ ਉਹੀ ਘਰ ਸੀ... ਜਿੱਥੇ ਆਪਣਾ ਸਰੀਰ ਤਿਆਗ ਜਾਣ ਦੇ ਬਾਵਜੂਦ ਅੰਮ੍ਰਿਤਾ ਮੌਜੂਦ ਸੀ। ਜਿਸ ਦੀ ਫਿਜ਼ਾ ਵਿਚ ਅੰਮ੍ਰਿਤਾ ਦੇ ਸਾਹ ਘੁਲੇ ਹੋਏ ਸਨ। ਜਿਨ੍ਹਾਂ ਵਿਚੋਂ ਇਮਰੋਜ਼ ਅੱਜ ਵੀ ਸਾਹ ਲੈਂਦਾ ਸੀ। ਕੌਣ ਜਾਣੇ ਕਿਉਂ ਉਸ ਦੀ ਫਿਜ਼ਾ ਵਿਚ ਲਾਲਚ ਦਾ ਜ਼ਹਿਰ ਘੁੱਲ ਗਿਆ ਜਾਂ ਮਜਬੂਰੀ ਦੀ ਕੁੜੱਤਣ ਅਤੇ ਉਸ ਘਰ ਦੀਆਂ ਕੰਧਾ ਜੋ ਕਦੇ ਕੈਨਵਸ ਹੁੰਦੀਆਂ ਸਨ, ਉਸ ਘਰ ਦੀ ਛੱਤ ਜੋ ਕਦੇ ਸੁਪਨਿਆਂ ਦਾ ਆਸਮਾਨ ਸਜਾਉਂਦੀ ਸੀ, ਪਲਕ ਝਪਦਿਆਂ ਢਹਿ ਢੇਰੀ ਹੋ ਗਏ। ਉਹੀ ਘਰ ਜਿਸ ਦੀ ਛੱਤ ਉੱਤੇ
ਇਕ ਬਗੀਚਾ ਸੀ, ਜਿਸ ਵਿਚ ਰੱਖੇ ਗਮਲਿਆਂ ਵਿਚ ਰੰਗ-ਬਿਰੰਗੇ ਫੁੱਲ ਖਿੜਦੇ ਸਨ। ਉਵੇਂ ਜਿਵੇਂ ਅੰਮ੍ਰਿਤਾ ਦੇ ਹੱਥ ਵਿਚ ਫੜੀ ਕਲਮ ਦੇ ਕੋਰੇ ਕਾਗਜ਼ ਨੂੰ ਛੋਹਣ ਤੇ ਕਵਿਤਾਵਾਂ ਖਿੜ ਆਉਂਦੀਆਂ ਸਨ। ਇਮਰੋਜ਼ ਨੂੰ ਸ਼ਾਇਦ ਇਹ ਫੁੱਲ ਅੰਮ੍ਰਿਤਾ ਦੀਆਂ ਕਵਿਤਾਵਾਂ ਹੀ ਲੱਗਦੇ ਸਨ। ਇਸੇ ਲਈ ਅੰਮ੍ਰਿਤਾ ਦੇ ਤੁਰ ਜਾਣ ਤੋਂ ਬਾਅਦ ਵੀ ਇਸ ਘਰ ਨੂੰ ਛੱਡਣ ਤੋਂ ਪਹਿਲਾਂ ਤੱਕ ਇਮਰੋਜ਼ ਹਰ ਰੋਜ਼ ਸਵੇਰ-ਸ਼ਾਮ ਇਨ੍ਹਾਂ ਗਮਲਿਆਂ ਵਿਚ ਲੱਗੇ ਫੁੱਲ-ਬੂਟਿਆਂ ਨੂੰ ਪਾਣੀ ਦਿੰਦਾ ਰਿਹਾ ਸੀ। ਮੈਨੂੰ ਵੀ ਸ਼ਾਇਦ ਇਸ ਗੱਲ ਦਾ ਇਲਮ ਨਾ ਹੁੰਦਾ ਜੇ ਮੈਂ ਉਸ ਸ਼ਾਮ ਕੇ-25 ਹੌਜ ਖ਼ਾਸ ਵਾਲੇ ਓਸ ਘਰ ਨਾ ਗਿਆ ਹੁੰਦਾ, ਜਿਸ ਵੇਲੇ ਇਮਰੋਜ਼ ਛੱਤ ਵਾਲੇ ਬਗੀਚੇ ਨੂੰ ਪਾਣੀ ਲਾ ਰਿਹਾ ਸੀ। ਘਰ ਦਾ ਗੇਟ ਲੰਘ ਕੇ ਜਦੋਂ ਮੈਂ ਪੌੜਿਆਂ ਕੋਲ ਪੁੱਜਾ ਤਾਂ ਮੈਂਨੂੰ ਧੁਰ ਸਿਖਰ ਵੱਲ ਜਾਂਦੀਆਂ ਪੌੜੀਆਂ ਦਾ ਰਾਹ ਦਿਖਾ ਦਿੱਤਾ ਗਿਆ ਸੀ। ਉੱਪਰ ਪਹੁੰਚਦਿਆਂ ਹੀ ਇਮਰੋਜ਼ ਦਾ ਖਿੜਿਆਂ ਹੋਇਆ ਚਿਹਰਾ ਦਿਸਿਆ ਸੀ। ਇਮਰੋਜ਼ ਨਾਲ-ਨਾਲ ਪਾਣੀ ਲਾ ਰਿਹਾ ਸੀ, ਨਾਲੇ ਗੱਲਾਂ ਕਰੀ ਜਾ ਰਿਹਾ ਸੀ। ਕਦੇ ਘਰ ਦੇ ਅਗਲੇ ਹਿੱਸੇ ਦੀ ਨੀਵੀਂ ਛੱਤ ਤੇ ਕਦੇ ਪਿਛਲੇ ਹਿੱਸੇ ਦੀ ਥੋੜ੍ਹੀ ਉੱਚੀ ਛੱਤ ਤੇ ਮੈਂ ਉਸ ਦੇ ਅੱਗੜ-ਪਿੱਛੜ ਘੁੰਮਦਾ ਰਿਹਾ, ਗੱਲਾਂ ਕਰਦਾ ਰਿਹਾ ਤੇ ਉਹ ਪੂਰੀ ਤਨਦੇਹੀ ਨਾਲ ਗਮਲਿਆਂ ਵਿਚ ਪਾਣੀ ਪਾਉਂਦਾ ਰਿਹਾ। ਸ਼ਾਮ ਢਲ ਗਈ ਤਾਂ ਅਸੀ ਹੇਠਾਂ ਆ ਕੇ ਬਹਿ ਗਏ, ਚਾਰੇ ਪਾਸੇ ਅੰਮ੍ਰਿਤਾ ਦੀ ਹੋਂਦ ਦਾ ਅਹਿਸਾਸ ਸੀ, ਕਿਉਂ ਕਿ ਅੰਮ੍ਰਿਤਾ ਨੂੰ ਇਮਰੋਜ਼ ਨੇ ਕਦੀ ਵੀ ‘ਸੀ’ ਨਹੀਂ ਹੋਣ ਦਿੱਤਾ, ਹਮੇਸ਼ਾ ‘ਹੈ’ ਹੀ ਰਹਿਣ ਦਿੱਤਾ। ਉਸ ਸ਼ਾਮ ਦੋਬਾਰਾ ਕਦੇ ਫੇਰ ਆਉਣ ਦਾ ਖ਼ਿਆਲ ਲੈ ਕੇ ਮੈਂ ਘਰ ਮੁੜ ਆਇਆ। ਕਈ ਵਾਰ ਸੋਚਿਆ, ਕਿਸੇ ਦਿਨ ਫੇਰ ਅੰਮ੍ਰਿਤਾ ਤੇ ਇਮਰੋਜ਼ ਨੂੰ ਮਿਲ ਆਈਏ, ਉਸ ਘਰ ਨੂੰ ਮਿਲ ਆਈਏ... ਪਰ ਕਦੇ ਸੱਬਬ ਹੀ ਨਾ ਬਣ ਸਕਿਆ। ਮਹਾਂਨਗਰ ਦੀ ਜ਼ਿੰਦਗੀ, ਜ਼ਿੰਦਗੀ ਕਿੱਥੇ ਰਹਿ ਜਾਂਦੀ ਐ...

ਇਸੇ ਕਸ਼-ਮ-ਕਸ਼ ਵਿਚ ਇਕ ਦਿਨ ਪੱਤਰਕਾਰ ਦੋਸਤ ਇਮਰਾਨ ਦਾ ਫੋਨ ਆਇਆ। ਕਹਿਣ ਲੱਗਾ, “ਮੈਂ ਹੌਜ਼ ਖ਼ਾਸ ਖੜ੍ਹਾਂ। ਅੰਮ੍ਰਿਤਾ ਦੇ ਘਰ ਦਾ ਪਤਾ ਦੱਸ। ਇਮਰੋਜ਼ ਨੂੰ ਮਿਲਣ ਨੂੰ ਜੀ ਕਰਦੈ। ਮੈਂ ਜਵਾਬ ਦਿੱਤਾ, “ਕੇ-25 ਕਿਸੇ ਨੂੰ ਵੀ ਪੁੱਛ ਲੈ। ਸੌਖਿਆਂ ਪਹੁੰਚ ਜਾਵੇਂਗਾ। ਥੋੜ੍ਹੀ ਦੇਰ ਬਾਅਦ ਫਿਰ ਫੋਨ ਆਇਆ। ਇਮਰਾਨ ਕਹਿੰਦਾ, “ਇੱਥੇ ਤਾਂ ਕੋਈ ਮਜਦੂਰ ਲੱਗੇ ਨੇ। ਘਰ ਦੀ ਤੋੜ-ਭੰਨ ਚੱਲ ਰਹੀ ਐ। ਘਰ ਹੈ ਤਾਂ ਇਹੀ ਨਾ?” ਮੈਨੂੰ ਲੱਗਿਆ ਉਹ ਕਿਸੇ ਹੋਰ ਘਰ ਮੂਹਰੇ ਖੜ੍ਹਾ ਹੈ। ਮੈਂ ਉਸ ਨੂੰ ਧਿਆਨ ਨਾਲ ਲੱਭਣ ਲਈ ਕਹਿ ਕਿ ਗੱਲ ਮੁਕਾ ਦਿੱਤੀ। ਉਸ ਤੋਂ ਬਾਅਦ ਨਾ ਉਸਦਾ ਫੋਨ ਆਇਆ। ਨਾ ਮੈਂ ਕੀਤਾ। ਨਾ ਇਸ ਬਾਰੇ ਕੋਈ ਗੱਲ ਹੋਈ। ਗੱਲ ਆਈ ਗਈ ਹੋ ਗਈ।

ਇਮਰੋਜ਼
ਕੁਝ ਦਿਨਾਂ ਬਾਅਦ ਦਿੱਲੀ ਅਕਾਦਮੀ ਦੀ ਇਕ ਸਾਹਿਤਕ ਮਿਲਣੀ ਵਿਚ ਇਮਰੋਜ਼ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਨਾਲ ਅੰਮੀਆਂ ਕੁੰਵਰ ਵੀ ਸੀ। ਅੰਮ੍ਰਿਤਾ ਨਾਲ ਮਿਲਦੇ ਜੁਲਦੇ ਨਾਮ ਵਾਲੀ ਆਪਣੀ ਮਹਿਬੂਬ ਨੂੰ ਇਮਰੋਜ਼ ਨਾਲ ਪਹਿਲੀ ਵਾਰ ਮਿਲਵਾਉਂਦਿਆਂ ਮੈਂ ਕਿਹਾ ਸੀ, “ਇਹ ਮੇਰੀ ਅੰਮ੍ਰਿਤਾ ਐ। ਇਹ ਬੜੀ ਸੋਹਣੀ ਕਵਿਤਾ ਲਿਖਦੀ ਐ।” ਇਮਰੋਜ਼ ਨੇ ਮੁਸਕੁਰਾਉਂਦਿਆਂ ਜਵਾਬ ਦਿੱਤਾ ਸੀ, “ਤੂੰ ਬੜੀ ਕਿਸਮਤ ਵਾਲਾ ਐਂ।” ਮੈਂ ਕਿਹਾ, “ਕਿਸੇ ਦਿਨ ਇੱਕਠੇ ਘਰ ਆਵਾਂਗੇ ਤੁਹਾਡੇ”। “ਜ਼ਰੂਰ” ਕਹਿ ਕਿ ਉਹ ਹੋਰ ਮਿਲਣ ਵਾਲਿਆਂ ਦੀ ਭੀੜ ਨਾਲ ਘਿਰ ਗਿਆ ਸੀ। ਅੰਮੀਆਂ ਕੁੰਵਰ ਮੈਨੂੰ ਬਾਂਹ ਫੜ੍ਹ ਕੇ ਪਾਸੇ ਲੈ ਗਈ। ਹੌਲੀ ਜਿਹੀ ਉਸ ਨੇ ਪੁੱਛਿਆ ਸੀ, “ਤੈਨੂੰ ਪਤੈ ਨਾ। ਇਮਰੋਜ਼ ਨੇ ਘਰ ਬਦਲ ਲਿਐ।” ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਪਰ ਉਸ ਨੂੰ ਛੁਪਾ ਲੈਣਾ ਹੀ ਬਿਹਤਰ ਸੀ। ਨਾ ਮੈਂ ਵਿਸਤਾਰ ਵਿਚ ਜਾਣ ਦੀ ਹਾਲਤ ਵਿਚ ਸਾਂ ਤੇ ਨਾ ਹੀ ਮਾਹੌਲ ਦੱਸਣ ਵਾਲਾ ਸੀ। ਸੋ, ਅੰਮੀਆਂ ਨੇ ਨਵਾਂ ਪਤਾ ਲਿਖਾ ਦਿੱਤਾ। ਘਰ ਜਾਂਦਿਆਂ ਸਾਰੇ ਰਾਹ ਮੈਂ ਇਹੀ ਸੋਚਦਾ ਰਿਹਾ ਕਿ ਇਹ ਤਾਂ ਸ਼ਾਇਦ ਇਕ ਦਿਨ ਹੋਣਾ ਹੀ ਸੀ। ਹੁਣ ਘਰ, ਘਰ ਰਹੇ ਹੀ ਨਹੀਂ। ਇਮਾਰਤਾਂ ਬਣ ਗਏ ਨੇ ਜਾਂ ਮਹਿੰਗੇ ਪਲਾਟ ਅਖਵਾਉਂਦੇ ਨੇ। ਦਿੱਲੀ ਵਰਗੇ ਮਹਾਂਨਗਰ ਅਤੇ ਹੌਜ਼ ਖ਼ਾਸ ਵਰਗੇ ਮੈਟਰੋ ਰੇਲ ਨਾਲ ਜੁੜੇ ਮਹਿੰਗੇ ਇਲਾਕੇ ਵਿਚ ਮਹਿੰਗੇ ਭਾਅ ਵਿਕਦੇ ਨੇ। ਇਸ ਦਾ ਜੋ ਮੁੱਲ ਇਮਰੋਜ਼ ਦੇ ਦਿਲ ਵਿਚ ਸੀ, ਸਾਡੀਆਂ ਨਜ਼ਰਾਂ ਵਿਚ ਸੀ, ਉਹ ਸ਼ਾਇਦ ਰਹਿੰਦੀ ਦੁਨੀਆਂ ਤੱਕ ਕੋਈ ਨਾ ਪਾ ਸਕੇ। ਫਿਰ ਵੀ ‘ਮਾਰਕੀਟ ਰੇਟ’ ਦੇ ਹਿਸਾਬ ਨਾਲ ਇਸ ਪਲਾਟ ਦਾ ਮਹਿੰਗਾ ਮੁੱਲ ਜਰੂਰ ਪਿਆ ਹੋਣੈ। ਚੰਗਾ ਭਾਅ ਵੀ ਮਿਲ ਗਿਆ ਤੇ ਇਮਰੋਜ਼ ਦੇ ਰਹਿਣ ਦਾ ਇੰਤਜ਼ਾਮ ਵੀ ਹੋ ਗਿਆ, ਪਰ ਅੰਮ੍ਰਿਤਾ ਦਾ ਇਸ ਘਰ ਨੂੰ ਸੰਭਾਲੇ ਜਾਣ ਦਾ ਸੁਪਨਾ, ਸੁਪਨਾ ਹੀ ਬਣ ਕੇ ਰਹਿ ਗਿਆ। ਸੋਚਦਾਂ, ਉਸ ਮੱਕੇ ਜਿਹੇ ਘਰ ਦੇ ਢਹਿ ਜਾਣ ਦਾ ਦਰਦ ਵੀ ਉਸੇ ਦੇ ਮਲਬੇ ਵਿਚ ਦਫਨ ਕਰ ਆਵਾਂ...!!! ਹੋਰ ਕਰ ਵੀ ਕੀ ਸਕਦੇ ਆਂ?

 -ਦੀਪ ਜਗਦੀਪ ਸਿੰਘ

(ਇਸ ਲੇਖ ਨੂੰ ਪੰਜਾਬੀ ਜਾਗਰਣ ਅਖ਼ਬਾਰ ਵਿਚ ਪੜ੍ਹਨ ਲਈ ਇੱਥੇ ਕਲਿੱਕ ਕਰੋ)

Deep Jagdeep Singh

Deep Jagdeep Singh a is Poet, Columnist, Screen Writer, Lyricist and Film Critic. He writes in Punjabi, English and Hindi Google

2 comments:

  1. ਮੈਨੂੰ ਸਮਝ ਨਹੀ ਆਓਂਦਾ ਕੀ ਆਖਾਂ...ਜਿਸਨੇ ਵੀ ਉਸ ਘਰ ਨੂੰ ਖਰੀਦ ਫ਼ਰੋਖ਼ਤ ਦੀ ਚੀਜ਼ ਸਮਝਿਆ ਹੈ ਉਸ ਦੀ ਸੋਚ ਦੇ ਹਾਸਾ ਆਓਂਦਾ ਏ ਤੇ ਦੁਖ ਵੀ ਹੁੰਦਾ ਏ...ਕਾਸ਼ ਅਸੀਂ ਆਪਣੀ ਅਨ੍ਮੁਲੀ ਵਿਰਾਸਤ ਨੂੰ ਸਹੇਜਨਾ ਸਿਖ ਜਾਈਏ !

    ReplyDelete

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।